Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਆਧੁਨਿਕ ਕਾਵਿ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਕਾਵਿਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਗਿਆ ਹੈ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Jagbir Singh
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Other Writers
ਸ਼ਾਮਿਲ ਲੇਖਾਂ ਦੇ ਕੁਝ ਅੰਸ਼
ਮਨਮੋਹਨ ਦਾ ਕਾਵਿ-ਸੰਗ੍ਰਹਿ ‘ਨੀਲਕੰਠ’
ਡਾ. ਮਨਮੋਹਨ ਪੰਜਾਬੀ ਵਿਚ ਸੰਜੀਦਾ ਅਤੇ ਬੌਧਿਕ ਕਿਸਮ ਦੀ ਕਵਿਤਾ ਲਿਖਣ ਵਾਲਾ ਕਵੀ ਹੈ ਤੇ ‘ਨੀਲਕੰਠ’ ਉਸਦਾ ਨਵੇਕਲਾ ਕਾਵਿ ਸੰਗ੍ਰਹਿ ਹੈ। ਡਾ. ਮਨਮੋਹਨ ਦੀ ਕਵਿਤਾ ਜੀਵਨ ਦੇ ਬਿਲਕੁਲ ਵੱਖਰੇ ਜਿਹੇ ਦਾਰਸ਼ਨਿਕ ਅਹਿਸਾਸਾਂ ਨਾਲ ਆਪਣਾ ਰਿਸ਼ਤਾ ਜੋੜਦੀ ਹੈ। ਨੀਲਕੰਠ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਇਕ ਪ੍ਰੌੜ੍ਹ ਮਾਨਸਿਕਤਾ ਵਿਚ ਵਿਚਰ ਰਹੇ ਦਾਰਸ਼ਨਿਕ ਖਿਆਲਾਂ ਦੀ ਸਿਰਜਣਾ ਹੈ। ਮਨਮੋਹਨ ਦੀ ਕਵਿਤਾ ਜੀਵਨ ਦੇ ਮੂਲ ਅਰਥਾਂ ਦੀ ਅਰਥ ਸਿਰਜਣਾ, ਅਰਥਹੀਣਤਾ ਅਤੇ ਨਵੀਨ ਅਰਥਾਂ ਦੀ ਖੋਜ ਵੱਲ ਯਤਨਸ਼ੀਲ ਹੈ। ਸ਼ਬਦਾਂ ਦੇ ਪ੍ਰਾਪਤ ਅਤੇ ਸਥਾਪਤ ਅਰਥਾਂ ਦੇ ਪੱਖਪਾਤੀ ਸੁਭਾ ਤੋਂ ਨਿਰਾਸ਼ ਕਵੀ, ਸ਼ਬਦਾਂ ਦੇ ਪੁਨਰ ਅਰਥਾਂ ਦੀ ਤਾਂਘ ਕਰਦਾ ਵੀ ਜਾਪਦਾ ਹੈ। ਪਰ ਇਸ ਵਿਚਾਰ ਨੂੰ ‘ਵਾਪਸੀ’ ਕਵਿਤਾ ਵਿਚ ਬਹੁਤ ਹੀ ਨਿਵੇਕਲੇ ਤਰੀਕੇ ਨਾਲ ਪੇਸ਼ ਕਰਦਾ ਹੈ:
“ਦੂਸ਼ਿਤ ਸ਼ੱਕੀ ਮਾਹੌਲ ‘ਚ
ਨਫ਼ਰਤ ਈਰਖਾ ਤੋਂ ਤ੍ਰਹਿੰਦੇ
ਸੈਆਂ ਵਰਤਾਰੇ ਮੁੜ ਗਏ ਮੂਲ ਵੱਲ ਆਪਣੇ”
ਇਹ ਇਕ ਅਜਿਹੀ ਸਥਿਤੀ ਵਲ ਇਸ਼ਾਰਾ ਹੈ ਜਿਸ ਵਿਚ ਹਰ ਸ਼ੈਅ ਆਪਣੇ ਮੂਲ, ਆਪਣੀ ਅਸਲ ਪਛਾਣ ਵੱਲ ਜਾਣ ਦੀ ਬੇਚੈਨੀ ਵਿਚ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਵਿਚ ਨਫ਼ਰਤ ਅਤੇ ਈਰਖਾ ਇੰਨੀ ਵੱਧ ਚੁੱਕੀ ਹੈ ਕਿ ਹਰ ਸ਼ਬਦ ਅਤੇ ਉਸ ਨਾਲ ਜੁੜਿਆ ਹਰ ਅਰਥ ਪੱਖਪਾਤੀ ਹੋ ਗਿਆ ਹੈ। ਸ਼ਬਦਾਂ ਦੀ ਸਥਿਤੀ ਇਹ ਹੋ ਗਈ ਹੈ ਕਿ ਉਹ ਆਪਣੇ ਅਸਲ ਅਰਥ ਗੁਆ ਕੇ ਨਿਰਦੋਸ਼ ਅਤੇ ਗੁੰਮ ਸੁੰਮ ਅਵਸਥਾ ਵਿਚ ਖੜੇ ਨਜ਼ਰ ਆ ਰਹੇ ਹਨ। . . .
Manmohan di Kavita - Ravinder Singh
ਦਰਸ਼ਨ ਗਿੱਲ ਦੀ ਕਵਿਤਾ
ਦਰਸ਼ਨ ਗਿੱਲ ਪੰਜਾਬੀ ਦੇ ਉੱਘੇ ਪ੍ਰਵਾਸੀ ਲੇਖਕਾਂ ਵਿਚੋਂ ਹੈ। ਬਹੁ-ਮੁਖੀ ਪ੍ਰਤਿਭਾ ਵਾਲੇ ਇਸ ਲੇਖਕ ਨੇ ਸ਼ਾਇਰੀ, ਸਮੀਖਿਆ, ਸੰਪਾਦਨ, ਖੋਜ ਅਤੇ ਅਨੁਵਾਦ ਰਾਹੀਂ ਸਮਕਾਲੀ ਪੰਜਾਬੀ ਸਾਹਿਤ ਵਿਚ ਆਪਣੀ ਚਰਚਾਯੋਗ ਪਛਾਣ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ। ਇਥੇ ਸਾਡਾ ਸਰੋਕਾਰ ਦਰਸ਼ਨ ਗਿੱਲ ਦੀ ਸ਼ਾਇਰੀ ਨਾਲ ਹੈ। ਇਸ ਮੰਤਵ ਲਈ ਅਸੀਂ ਉਸਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ਨਜ਼ਮ ਦੀ ਤਲਾਸ਼ ਵਿਚ ਨੂੰ ਚੁਣਿਆਂ ਹੈ। ਇਹ ਪੁਸਤਕ ਅਸਲ ਵਿਚ ਦਰਸ਼ਨ ਗਿੱਲ ਦੀ ਸ਼ਾਇਰੀ ਦਾ ਸਮੁੱਚਾ ਸੰਕਲਨ ਹੈ ਜਿਸ ਵਿਚ ਉਸਦੇ ਹੁਣ ਤਕ ਪ੍ਰਕਾਸ਼ਿਤ ਅੱਠ ਕਾਵਿ-ਸੰਗ੍ਰਹਿ - ਨਜ਼ਮ (2005), ਪੌਣਾਂ ਦੇ ਰੰਗ (2001), ਅੱਗ ਦਾ ਸਫ਼ਰ (1992), ਕਾਲਾ ਸੂਰਜ (1984), ਆਪਣੇ ਸਨਮੁੱਖ (1980), ਖ਼ਲੀਜ (1978), ਰੂਪ ਅਰੂਪ (1976) ਅਤੇ ਜੰਗਲ ਦੀ ਅੱਗ (1976) ਸ਼ਾਮਿਲ ਹਨ। ਜਦੋਂ ਅਸੀਂ ਇਨ੍ਹਾਂ ਕਾਵਿ-ਸੰਗ੍ਰਹਿਆਂ ਨੂੰ ਕਾਲ-ਕ੍ਰਮ ਦੀ ਤਰਤੀਬ ਅਨੁਸਾਰ ਵਾਚਦੇ ਹਾਂ ਤਾਂ ਇਹ ਪੁਸਤਕ ਇਸ ਲੇਖਕ ਦੇ ਪਿਛਲੇ ਤੀਹ ਵਰ੍ਹਿਆਂ ਦੇ ਕਾਵਿ-ਸਫ਼ਰ ਦੀ ਨੁਮਾਇੰਦਗੀ ਕਰਦੀ ਦਿਖਾਈ ਦਿੰਦੀ ਹੈ। ਇਹ ਉਸਦੀ ਸਿਰਜਣਾਤਮਕ ਵਿਲੱਖਣਤਾ ਦਾ ਹੀ ਪ੍ਰਮਾਣ ਪੇਸ਼ ਨਹੀਂ ਕਰਦੀ ਸਗੋਂ ਉਸਦੀ ਰਚਨਾ-ਦ੍ਰਿਸ਼ਟੀ, ਗਤੀਸ਼ੀਲ ਕਾਵਿ-ਚੇਤਨਾ ਅਤੇ ਬਦਲਦੇ ਹੋਏ ਵਿਸ਼ੈਗਤ ਸਰੋਕਾਰਾਂ ਨੂੰ ਵੀ ਮੂਰਤੀਮਾਨ ਕਰਦੀ ਹੈ।
ਦਰਸ਼ਨ ਗਿੱਲ ਨੇ ਆਪਣੇ ਕਾਵਿ-ਸਫ਼ਰ ਦੀ ਸ਼ੁਰੂਆਤ 1976 ਵਿਚ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਜੰਗਲ ਦੀ ਅੱਗ ਨਾਲ ਕੀਤੀ। ਇਸ ਕਾਵਿ-ਸੰਗ੍ਰਹਿ ਦਾ ਰਚਨਾ-ਸੰਦਰਭ ਪ੍ਰਵਾਸ ਦੇ ਅਨੁਭਵ ਅਤੇ ਬੋਧ ਨਾਲ ਜੁੜਿਆ ਹੋਇਆ ਹੈ। ਇਹ ਉਹ ਦੌਰ ਸੀ ਜਦੋਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਿਤ ਪੂੰਜਵਾਦੀ ਮੁਲਕਾਂ ਵਿਚ ਅਰਥ-ਵਿਵਸਥਾ ਦੇ ਵਕਤੀ ਲੇਬਰ-ਸੰਕਟ ਕਾਰਣ ਵਰਕ-ਪਰਮਿਟ ਅਤੇ ਪ੍ਰਵਾਸ ਦਾ ਰਾਹ ਖੁਲ੍ਹ ਗਿਆ ਸੀ। ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਲਈ ਏਸ਼ੀਆ ਦੇ ਹੋਰਨਾਂ ਲੋਕਾਂ ਵਾਂਗ ਪੰਜਾਬੀਆਂ ਨੇ ਵੀ ਰੋਟੀ ਰੋਜ਼ੀ ਅਤੇ ਆਰਥਕ ਖ਼ੁਸ਼ਹਾਲੀ ਦੀ ਤਲਾਸ਼ ਵਿਚ ਇਨ੍ਹਾਂ ਮੁਲਕਾਂ ਵਲ ਵਹੀਰਾਂ ਘੱਤ ਦਿੱਤੀਆਂ। ਇਨ੍ਹਾਂ ਦੀਆਂ ਅੱਖਾਂ ਵਿਚ ਡਾਲਰਾਂ ਅਤੇ ਪੌਂਡਾਂ ਰਾਹੀਂ ਆਪਣੀ ਕਿਸਮਤ ਚਮਕਾਉਣ ਦੇ ਸੁਪਨੇ ਲਟਕਦੇ ਸਨ। ਗ਼ਰੀਬੀ ਅਤੇ ਬੇਰੋਜ਼ਗਾਰੀ ਦੇ ਭੰਨੇ ਹੋਏ ਇਨ੍ਹਾਂ ਲੋਕਾਂ ਨੂੰ ਮਿਹਨਤ ਅਤੇ ਮੁਸ਼ੱਕਤ ਵਾਲੇ ਕਿਸੇ ਵੀ ਕੰਮ ਤੋਂ ਗ਼ੁਰੇਜ਼ ਨਹੀਂ ਸੀ। . . .
Darshan Gill di Kavita- Jagbir Singh
ਇਕਬਾਲ ਰਾਮੂਵਾਲੀਆ ਦੀ ਕਵਿਤਾ
ਇਕਬਾਲ ਰਾਮੂਵਾਲੀਆ ਪੰਜਾਬੀ ਦੇ ਉਨ੍ਹਾਂ ਉੱਘੇ ਪ੍ਰਵਾਸੀ ਸ਼ਾਇਰਾਂ ਵਿਚੋਂ ਹੈ ਜਿਨ੍ਹਾਂ ਨੇ ਆਪਣੀ ਵਿਲੱਖਣ ਭਾਂਤ
ਦੀ ਕਾਵਿ-ਸਿਰਜਣਾ ਰਾਹੀਂ ਅਜੋਕੇ ਦੌਰ ਵਿਚ ਵਿਕਸਿਤ ਹੋ ਰਹੀ ਵਿਸ਼ਵ ਪੰਜਾਬੀ ਕਵਿਤਾ ਦਾ ਮੁਹਾਂਦਰਾ ਉਲੀਕਣ ਦਾ
ਉਪਰਾਲਾ ਕੀਤਾ ਹੈ। ਉਸਦੇ ਹੁਣ ਤਕ ਪੰਜ ਕਾਵਿ-ਸੰਗ੍ਰਹਿ – ਸੁਲਘਦੇ ਅਹਿਸਾਸ (1973), ਕੁਝ ਵੀ ਨਹੀਂ (1984),
ਪਾਣੀ ਦਾ ਪ੍ਰਛਾਵਾਂ (1985), ਕਵਿਤਾ ਮੈਨੂੰ ਲਿਖਦੀ ਹੈ (1995) ਅਤੇ ਪਲੰਘ ਪੰਘੂੜਾ (2000) - ਪ੍ਰਕਾਸ਼ਿਤ ਹੋ ਚੁੱਕੇ
ਹਨ। ਲਗਭਗ ਤੀਹ ਵਰ੍ਹਿਆਂ ਦੇ ਵਿਸਤਾਰ ਵਿਚ ਫੈਲੇ ਹੋਏ ਇਨ੍ਹਾਂ ਕਾਵਿ-ਸੰਗ੍ਰਹਿਆਂ ਵਿਚ ਇਕਬਾਲ ਦੀ ਸ਼ਾਇਰੀ
ਆਵਾਸ ਅਤੇ ਪ੍ਰਵਾਸ ਦੀਆਂ ਬਦਲਦੀਆਂ ਹੋਈਆਂ ਪਰਿਸਥਿਤੀਆਂ ਦੇ ਅਨੁਰੂਪ ਵਿਗਾਸ ਦੀ ਸੁਭਾਵਕ ਗਤੀ ਥਾਣੀ
ਲੰਘਦੀ ਹੈ। ਮੁੱਖ ਤੌਰ ਤੇ ਇਸ ਵਿਕਾਸ-ਰੁਖ਼ ਨੂੰ ਦੋ ਪੜਵਾਂ ਵਿਚ ਵੰਡਿਆ ਜਾ ਸਕਦਾ ਹੈ - ਪ੍ਰਗਤੀਵਾਦੀ/ਜੁਝਾਰ
ਕਵਿਤਾ ਅਤੇ ਉੱਤਰ-ਆਧੁਨਿਕ ਸੰਵੇਦਨਾ ਵਾਲੀ ਨਵੀਂ ਸ਼ਾਇਰੀ। ਵਿਸ਼ੈਗਤ ਸਰੋਕਾਰਾਂ ਅਤੇ ਪ੍ਰਗਟਾਉ-ਵਿਧੀ ਦੇ ਪੱਖੋਂ
ਉਸਦੇ ਪਹਿਲੇ ਤਿੰਨ ਕਾਵਿ-ਸੰਗ੍ਰਹਿ - ਸੁਲਘਦੇ ਅਹਿਸਾਸ, ਕੁਝ ਵੀ ਨਹੀਂ ਅਤੇ ਪਾਣੀ ਦਾ ਪ੍ਰਛਾਵਾਂ - ਮੂਲਰੂਪ ਵਿਚ
ਆਧੁਨਿਕ ਚਿੰਤਨ ਅਤੇ ਚੇਤਨਾ ਨਾਲ ਸੰਬੰਧਿਤ ਹਨ ਜਦੋਂ ਕਿ ਉਸਦੇ ਅਗਲੇਰੇ ਦੋ ਕਾਵਿ-ਸੰਗ੍ਰਹਿ - ਕਵਿਤਾ ਮੈਨੂੰ
ਲਿਖਦੀ ਹੈ ਅਤੇ ਪਲੰਘ ਪੰਘੂੜਾ – ਉੱਤਰ-ਆਧੁਨਿਕ ਸਥਿਤੀ ਅਤੇ ਸੋਚ ਦੀ ਤਰਜਮਾਨੀ ਕਰਦੇ ਹਨ। ਇਸ ਤਰ੍ਹਾਂ
ਪ੍ਰਗਤੀਵਾਦੀ ਜੀਵਨ-ਦ੍ਰਿਸ਼ਟੀ ਅਤੇ ਕ੍ਰਾਂਤੀਕਾਰੀ ਚੇਤਨਾ ਤੋਂ ਸਫ਼ਰ ਕਰਦੀ ਹੋਈ ਇਹ ਸ਼ਾਇਰੀ ਉੱਤਰ-ਆਧੁਨਿਕ ਸੋਚ
ਵਲ ਵਧਦੀ ਹੈ।
ਇਕਬਾਲ ਨੇ ਆਪਣੇ ਕਾਵਿ-ਸਫ਼ਰ ਦੀ ਸ਼ੁਰੂਆਤ 1973 ਵਿਚ ਸੁਲਘਦੇ ਅਹਿਸਾਸ ਕਾਵਿ-ਸੰਗ੍ਰਹਿ ਨਾਲ ਕੀਤੀ
ਸੀ। ਇਹ ਉਹ ਦੌਰ ਸੀ ਜਦੋਂ ਪੰਜਾਬ ਅਤੇ ਭਾਰਤ ਵਿਚ ਨਕਸਲਬਾੜੀ ਲਹਿਰ ਦੇ ਪ੍ਰਭਾਵ-ਅਧੀਨ ਹਥਿਆਰ-ਬੰਦ
ਕ੍ਰਾਂਤੀ ਦਾ ਸੁਪਨਾ ਲੈਣ ਵਾਲੀ ਨਵ-ਪ੍ਰਗਤੀਵਾਦੀ ਜਾਂ ਜੁਝਾਰ ਕਵਿਤਾ ਦਾ ਬੋਲ ਬਾਲਾ ਸੀ। ਇਸ ਸੰਗ੍ਰਹਿ ਦੀਆਂ
ਕਵਿਤਾਵਾਂ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਅਤੇ ਸੰਤਾਪ ਨਾਲ ਸੰਵੇਦਨਾ ਦਾ ਰਿਸ਼ਤਾ ਜੋੜਦੀਆਂ ਹਨ ਅਤੇ ਰੋਹ-ਵਿਦਰੋਹ
ਨਾਲ ਸੁਲਘਦੇ ਅਹਿਸਾਸ ਨੂੰ ਜ਼ੁਬਾਨ ਦਿੰਦੀਆਂ ਹਨ . . .
Panjabi Alochana ਪੰਜਾਬੀ ਆਲੋਚਨਾ
New Delhi
India