Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਪੰਜਾਬੀ ਗਲਪ ਸਾਹਿਤ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਸਾਹਿਤਕ ਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਵੀ ਪ੍ਰਸਤੁਤ ਕੀਤਾ ਗਿਆ ਹੈ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Jagbir Singh
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Ravinder Singh
ਸ਼ਾਮਿਲ ਲੇਖਾਂ ਦੇ ਕੁਝ ਅੰਸ਼
ਵਹਿ ਗਏ ਪਾਣੀ
ਮਛਲੀ ਇਕ ਦਰਿਆ ਦੀ, ਬੇੜੀ ਤੇ ਬਰੇਤਾ, ਅਤੇ ਗੋਰੀ ਨਦੀ ਦਾ ਗੀਤ ਵਰਗੇ ਗ਼ੈਰ-ਪਰੰਪਰਕ, ਬੇਬਾਕ ਅਤੇ ਬਹੁ-ਚਰਚਿਤ ਨਾਵਲਾਂ ਦੀ ਰਚਨਾ ਕਰਨ ਵਾਲੇ ਨਾਵਲਕਾਰ ਮੋਹਨ ਕਾਹਲੋਂ ਨੇ ਲੰਮੇ ਸਮੇਂ ਦੀ ਸਿਰਜਣਾਤਮਕ ਚੁੱਪ ਨੂੰ ਤੋੜਦਿਆਂ ਇਕ ਹੋਰ ਮਹੱਤਵਪੂਰਣ ਨਾਵਲ ਵੈਹ ਗਏ ਪਾਣੀ ਦੀ ਸਿਰਜਣਾ ਕੀਤੀ ਹੈ। ਪੰਜਾਬੀ ਦੇ ਇਸ ਪ੍ਰਤਿਭਾਵਾਨ ਲੇਖਕ ਨੇ ਆਪਣੇ ਪਹਿਲੇ ਨਾਵਲ ਮਛਲੀ ਇਕ ਦਰਿਆ ਦੀ ਰਾਹੀਂ ਹੀ ਆਪਣੀ ਸਿਰਜਣਾਤਮਕ ਵਿਲੱਖਣਤਾ ਦਾ ਪ੍ਰਮਾਣ ਪੇਸ਼ ਕਰ ਦਿੱਤਾ ਸੀ। ਮਾਝੇ ਦੀ ਆਂਚਲਿਕ ਰਹਿਤਲ ਨੂੰ ਪਿਛੋਕੜ ਵਿਚ ਰਖ ਕੇ ਲਿਖੇ ਗਏ ਇਸ ਨਾਵਲ ਦੀ ਮੁੱਖ ਵਿਸ਼ੇਸ਼ਤਾ ਔਰਤ-ਮਰਦ ਸੰਬੰਧਾਂ ਦੀ ਸੂਖਮ ਅਤੇ ਬੇਬਾਕ ਪੇਸ਼ਕਾਰੀ ਸੀ। ਇਸ ਤੋਂ ਮਗਰੋਂ ਉਸਦੇ ਦੂਸਰੇ ਨਾਵਲਾਂ ਵਿਚ ਵੀ ਇਹੀ ਪ੍ਰਵਿਰਤੀ ਭਾਰੂ ਰਹਿੰਦੀ ਹੈ ਜੋ ਇਕ ਤਰ੍ਹਾਂ ਨਾਲ ਉਸਦੀ ਨਿਵੇਕਲੀ ਪਛਾਣ ਬਣ ਗਈ। ਮੂਲ ਮਾਨਵੀ ਰਿਸ਼ਤਿਆਂ ਦਾ ਤਾਜ਼ਗੀ-ਭਰਪੂਰ ਅਤੇ ਸਹਿਜਭਾਵੀ ਬਿਰਤਾਂਤ ਉਸਾਰਨ ਵਾਲੇ ਇਨ੍ਹਾਂ ਨਾਵਲਾਂ ਨੇ ਵਿਸ਼ੇਗਤ ਸਰੋਕਾਰਾਂ ਦੀ ਨਵੀਨਤਾ ਰਾਹੀਂ ਪਰੰਪਰਕ ਪੰਜਾਬੀ ਨਾਵਲ ਵਿਚ ਆ ਰਹੀ ਖੜੋਤ ਨੂੰ ਦੂਰ ਕਰਨ ਵਿਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ। ਸੱਚ ਤਾਂ ਇਹ ਹੈ ਕਿ ਮੋਹਨ ਕਾਹਲੋਂ ਨੇ ਆਪਣੇ ਨਾਵਲਾਂ ਵਿਚ ਧਰਤੀ ਦੇ ਨੇੜੇ ਵਿਚਰਨ ਵਾਲੇ ਗ਼ੈਰ-ਰੁਮਾਨੀ ਪਿਆਰ-ਅਨੁਭਵ ਅਤੇ ਜਿਨਸੀ ਸਮੱਸਿਆਵਾਂ ਨੂੰ ਜਿਸ ਗਹਿਰਾਈ, ਸੂਖਮਤਾ ਅਤੇ ਬੇਬਾਕੀ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਉਸਦੀ ਮਿਸਾਲ ਪੰਜਾਬੀ ਨਾਵਲ ਵਿਚ ਹੋਰ ਕਿਧਰੇ ਨਹੀਂ ਮਿਲਦੀ। ਉਸ ਨੇ ਮਨੁੱਖੀ ਹੋਂਦ ਦੇ ਇਨ੍ਹਾਂ ਕਾਮਨਾਮਈ ਲੁਕਵੇਂ ਪ੍ਰੇਰਣਾ-ਸਰੋਤਾਂ ਦਾ ਯਥਾਰਥਕ ਢੰਗ ਨਾਲ ਵਿਸ਼ਲੇਸ਼ਣ ਕਰਨ ਦਾ ਉਪਰਾਲਾ ਕੀਤਾ ਹੈ। ਉਸਦੀ ਮੁੱਖ ਦਿਲਚਸਪੀ ਮਨੁੱਖ ਦੇ ਬਾਹਰਮੁੱਖੀ / ਰਸਮੀ ਵਿਹਾਰ ਦਾ ਲੋਕ-ਪ੍ਰਵਾਣਿਤ ਬਿੰਬ ਉਸਾਰਨ ਦੀ ਬਜਾਇ ਦਮਿਤ ਕਾਮਨਾਵਾਂ ਦੇ ਮਨੋਯਥਾਰਥ ਨੂੰ ਫਰੋਲਣ ਵਿਚ ਰਹੀ ਹੈ।
Mohan Kahlon da Novel Vaih Gaye Pani
ਬਰਫ ਦੀ ਅੱਗ ਦਾ ਸੇਕ
ਜੰਮੂ ਕਸ਼ਮੀਰ ਦੇ ਇਨ੍ਹਾਂ ਪ੍ਰਮੁੱਖ ਕਹਾਣੀਕਾਰਾਂ ਨੇ ਸੁਭਾਵਕ ਹੀ ਆਪਣੇ ਆਲੇ ਦੁਆਲੇ ਦੇ ਜੀਵਨ ਅਤੇ ਯਥਾਰਥ ਨਾਲ ਸਿਰਜਣਾ ਦਾ ਸਰੋਕਾਰ ਜੋੜਿਆ ਜਿਸਦੇ ਸਿੱਟੇ ਵਜੋਂ ਇਕ ਵਿਸ਼ੇਸ਼ ਭਾਂਤ ਦੀ ਆਂਚਲਿਕ ਰੰਗਤ ਵਾਲੀ ਪੰਜਾਬੀ ਕਹਾਣੀ ਹੋਂਦ ਵਿਚ ਆਈ। ਇਹ ਕਹਾਣੀ ਅਜੋਕੇ ਦੌਰ ਵਿਚ ਵਿਕਸਿਤ ਹੋ ਰਹੀ ਵਿਸ਼ਵ ਪੰਜਾਬੀ ਕਹਾਣੀ ਦਾ ਗੌਰਵਮਈ ਤੇ ਅਨਿੱਖੜ ਅੰਗ ਹੈ। ਇੱਥੇ ਵਿਸ਼ਵ ਪੰਜਾਬੀ ਕਹਾਣੀ ਤੋਂ ਸਾਡੀ ਮੁਰਾਦ ਉਸ ਸਮੁੱਚੀ ਪੰਜਾਬੀ ਕਹਾਣੀ ਤੋਂ ਹੈ ਜੋ ਭਾਰਤ-ਪਾਕ ਸਰਹੱਦ ਦੇ ਆਰ-ਪਾਰ ਵਸਦੇ ਪੰਜਾਬੀ ਲੇਖਕਾਂ ਅਤੇ ਦੁਨੀਆਂ ਦੇ ਕੋਨੇ ਕੋਨੇ ਉੱਤੇ ਬਿਖਰੇ ਹੋਏ ਪ੍ਰਵਾਸੀ ਪੰਜਾਬੀਆਂ (ਪੰਜਾਬੀ ਡਾਇਸਪੋਰਾ) ਵਲੋਂ ਸਿਰਜੀ ਜਾ ਰਹੀ ਹੈ। ਕਿਸੇ ਵੀ ਸਾਹਿਤਕ ਜਾਂ ਸਭਿਆਚਾਰਕ ਪਰੰਪਰਾ ਨੂੰ ਵਿਸ਼ਵੀ (ਜਾਂ ਗਲੋਬਲ) ਪਰਿਪੇਖ ਵਿਚ ਰੱਖ ਕੇ ਵਾਚਣ ਦੀ ਇਹ ਨਵੀਂ ਚੇਤਨਾ ਅਸਲ ਵਿਚ ਗਲੋਬਲਾਈਜ਼ੇਸ਼ਨ ਦੀ ਉਸ ਪ੍ਰਕਿਰਿਆ ਦਾ ਸਿੱਟਾ ਹੈ ਜਿਸਨੇ ਕੌਮਾਂ ਅਤੇ ਮੁਲਕਾਂ ਦੀਆਂ ਰਵਾਇਤੀ ਹੱਦਬੰਦੀਆਂ ਨੂੰ ਇਕ ਤਰ੍ਹਾਂ ਨਾਲ ਬੇ-ਮਾਅਨੀ ਬਣਾ ਦਿੱਤਾ ਹੈ। ਵਿਗਿਆਨ ਅਤੇ ਟੈਕਨਾਲੋਜੀ ਦੇ ਭਰਪੂਰ ਵਿਕਾਸ ਕਾਰਣ ਸੂਚਨਾ, ਸੰਚਾਰ ਅਤੇ ਆਵਾਜਾਈ ਦੇ ਖੇਤਰ ਵਿਚ ਸਾਮ੍ਹਣੇ ਆਈ ਕ੍ਰਾਂਤੀ ਅਤੇ ਸਰਮਾਏ ਦੇ ਬੇਰੋਕ ਫੈਲਾਉ ਨੇ ਜਿਸ ਨਵੀਂ ਵਿਸ਼ਵ ਵਿਵਸਥਾ ਨੂੰ ਜਨਮ ਦਿੱਤਾ ਹੈ ਉਸ ਦੇ ਅੰਤਰਗਤ ਮਨੁੱਖੀ ਭਾਈਚਾਰਿਆਂ ਦੀ ਇਕ ਦੂਸਰੇ ਉੱਪਰ ਆਰਥਕ ਅਤੇ ਰਾਜਨੀਤਕ ਨਿਰਭਰਤਾ ਦਿਨੋ ਦਿਨ ਵਧ ਰਹੀ ਹੈ। ਇਸਦੇ ਨਾਲ ਹੀ ਸਮੁੱਚੀ ਦੁਨੀਆਂ ਨੂੰ ਸਭਿਆਚਾਰਕ ਵੰਨ-ਸੁਵੰਨਤਾ ਰੱਖਣ ਵਾਲੇ ਇਕ ਗਲੋਬਲ ਵਿਲੇਜ ਦੇ ਰੂਪ ਵਿਚ ਦੇਖਣ ਦੀ ਚੇਤਨਾ ਵੀ ਪੈਦਾ ਹੋ ਰਹੀ ਹੈ। ਪਰ ਗਲੋਬਲਾਈਜ਼ੇਸ਼ਨ ਦੀ ਇਸ ਪ੍ਰਕਿਰਿਆ ਨੇ ਵਿਸ਼ਵੀ (global) ਦੇ ਮੁਕਾਬਲੇ ਤੇ ਸਥਾਨਕ (local) ਦੇ ਮਹੱਤਵ ਨੂੰ ਘਟਾਇਆ ਨਹੀਂ ਸਗੋਂ ਇਸ ਬਾਰੇ ਨਵੀਂ ਸਮਝ ਅਤੇ ਸੂਝ ਉਸਾਰਨ ਦਾ ਉਪਰਾਲਾ ਕੀਤਾ ਹੈ। ਇਸ ਗੱਲ ਦਾ ਸਰਬੋਤਮ ਪ੍ਰਗਟਾਵਾ ਬਹੁ-ਕੌਮੀ ਕਾਰਪੋਰੇਸ਼ਨਾਂ ਵਲੋਂ ਸਿਰਜੇ ਗਏ ਨਾਅਰੇ ‘ਸੋਚ ਗਲੋਬਲ, ਅਮਲ ਸਥਾਨਕ’ – think global act local - ਦੇ ਰੂਪ ਵਿਚ ਸਾਮ੍ਹਣੇ ਆਉਂਦਾ ਹੈ। ਇਹ ਨਾਅਰਾ ਆਰਥਕ ਖੇਤਰ ਵਿਚ ਹੀ ਨਹੀਂ ਸਗੋਂ ਸਾਹਿਤਕ ਅਤੇ ਸਭਿਆਚਾਰਕ ਖੇਤਰ ਵਿਚ ਵੀ ਕੋਈ ਘੱਟ ਅਹਿਮੀਅਤ ਨਹੀਂ ਰੱਖਦਾ।
Khalid Hussain da Katha Sansar
ਗਲੋਬਲ ਚੇਤਨਾ ਅਤੇ ਮਾਨਵੀ ਸੰਵੇਦਨਾ ਦਾ ਬਿਰਤਾਂਤ : ਟਾਵਰਜ਼
ਜਰਨੈਲ ਸਿੰਘ ਪੰਜਾਬੀ ਦੇ ਉਨ੍ਹਾਂ ਪ੍ਰਬੁੱਧ ਪ੍ਰਵਾਸੀ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਆਪਣੀ ਸਿਰਜਣਾਤਮਕ ਪ੍ਰਤਿਭਾ ਰਾਹੀਂ ਅਜੋਕੇ ਦੌਰ ਵਿਚ ਵਿਕਸਿਤ ਹੋ ਰਹੀ ਵਿਸ਼ਵ ਪੰਜਾਬੀ ਕਹਾਣੀ ਦੇ ਨੈਣ-ਨਕਸ਼ ਉਲੀਕਣ ਦਾ ਉਪਰਾਲਾ ਕੀਤਾ ਹੈ। ਇਥੇ ਵਿਸ਼ਵ ਪੰਜਾਬੀ ਕਹਾਣੀ ਤੋਂ ਸਾਡੀ ਮੁਰਾਦ ਸਿਰਫ਼ ਪ੍ਰਵਾਸੀ ਪੰਜਾਬੀ ਕਹਾਣੀ ਨਹੀਂ ਸਗੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਸਮੇਤ ਵਿਸ਼ਵ ਭਰ ਵਿਚ ਰਚੀ ਜਾ ਰਹੀ ਸਮੁੱਚੀ ਪੰਜਾਬੀ ਕਹਾਣੀ ਤੋਂ ਹੈ। ਜਰਨੈਲ ਸਿੰਘ ਨੇ ਆਪਣੀ ਕਥਾ-ਯਾਤਰਾ ਦੀ ਸ਼ੁਰੂਆਤ 1981 ਵਿਚ ਪ੍ਰਕਾਸ਼ਿਤ ਆਪਣੀਆਂ ਲਘੂ ਆਕਾਰ ਸਰਲ ਕਥਾਨਕ ਵਾਲੀਆਂ ਕਹਾਣੀਆਂ ਦੇ ਸੰਗ੍ਰਹਿ ਮੈਨੂੰ ਕੀ ਨਾਲ ਕੀਤੀ ਸੀ। ਇਸ ਤੋਂ ਬਾਦ ਹੁਣ ਤਕ ਉਸਦੇ ਦੇ ਚਾਰ ਹੋਰ ਕਹਾਣੀ-ਸੰਗ੍ਰਹਿ - ਮਨੁੱਖ ਤੇ ਮਨੁੱਖ, ਸਮੇਂ ਦੇ ਹਾਣੀ, ਦੋ ਟਾਪੂ ਅਤੇ ਟਾਵਰਜ਼ - ਪ੍ਰਕਾਸ਼ਤ ਹੋ ਚੁੱਕੇ ਹਨ ਜੋ ਉਸਦੀ ਪ੍ਰਭਾਵਸ਼ਾਲੀ ਗਲਪ-ਚੇਤਨਾ ਦਾ ਪ੍ਰਮਾਣ ਪੇਸ਼ ਕਰਦੇ ਹਨ। ਗਲਪ-ਸਿਰਜਣਾ ਦੇ ਪਿਛਲੇ 25 ਵਰ੍ਹਿਆਂ ਦੌਰਾਨ ਜਰਨੈਲ ਸਿੰਘ ਦੀ ਕਹਾਣੀ-ਕਲਾ ਵਿਚ ਮਹੱਤਵਪੂਰਣ ਪਰਿਵਰਤਨ ਵਾਪਰਿਆ ਹੈ ਜਿਸਦੀ ਦਿਸ਼ਾ ਇਕਹਿਰੇ ਸਰਲ ਬਿਰਤਾਂਤ ਤੋਂ ਜਟਿਲਤ ਬਿਰਤਾਂਤ ਵਲ ਹੈ। ਇਸ ਤੱਥ ਬਾਰੇ ਉਸਨੇ ਖ਼ੁਦ ਵੀ ਇਕ ਥਾਂ ਕਥਨ ਕੀਤਾ ਹੈ –
“ਆਪਣੇ ਸਾਹਿਤਕ ਸਫ਼ਰ ਦੇ ਮੁੱਢਲੇ ਸਾਲਾਂ ਵਿਚ ਮੈਂ ਇਕਿਹਰੀ ਕਹਾਣੀ ਲਿਖਦਾ ਹੁੰਦਾ ਸਾਂ। ਮੇਰੇ ਪਹਿਲੇ ਕਥਾ-ਸੰਗ੍ਰਹਿ ਮੈਨੂੰ ਕੀ (1981) ਦੀਆਂ ਕਹਾਣੀਆਂ 4 ਤੋਂ 6 ਸਫ਼ੇ ਦੀਆਂ ਸਨ। ਦੂਜੇ ਕਥਾ-ਸੰਗ੍ਰਹਿ ਮਨੁੱਖ ਤੇ ਮਨੁੱਖ (1983) ਚ ਕਹਾਣੀਆਂ ਦੀ ਲੰਬਾਈ 8 ਤੋਂ 13 ਸਫ਼ੇ ਤਕ ਦੀ ਹੋ ਗਈ ਅਤੇ ਤੀਜੇ ਕਥਾ-ਸੰਗ੍ਰਹਿ ਸਮੇਂ ਦੇ ਹਾਣੀ (1987) ਤਕ ਅਪੜਦਿਆਂ ਇਹ ਲੰਬਾਈ 20-25 ਸਫ਼ੇ ਤਕ ਪਹੁੰਚ ਚੁੱਕੀ ਸੀ ਤੇ ਉਹੀ ਲੰਬਾਈ ਹੁਣ ਤੁਸੀਂ ਦੋ ਟਾਪੂ ਕਥਾ-ਸੰਗ੍ਰਹਿ ਚ ਦੇਖ ਰਹੇ ਹੋ। ਸੋ ਸਮੇਂ ਦੇ ਨਾਲ ਨਾਲ ਇਕਹਿਰਾ ਬਿਰਤਾਂਤ ਜਟਿਲ ਹੁੰਦਾ ਗਿਆ।” (ਡਾ. ਗੁਰਮੀਤ ਕਲਰਮਾਜਰੀ, ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ, ਭਾਦਸੋਂ, ਪਟਿਆਲਾ, 2001.)
ਇਸ ਤਰ੍ਹਾਂ ਜਰਨੈਲ ਸਿੰਘ ਦੀਆਂ ਕਹਾਣੀਆਂ ਦਾ ਬਿਰਤਾਂਤਕ ਸੰਗਠਨ ਸਰਲ ਤੋਂ ਜਟਿਲ ਹੁੰਦਾ ਗਿਆ ਹੈ। ਪਰ ਇਸਦੇ ਨਾਲ ਹੀ ਉਸਦੀ ਕਥਾ-ਸ਼ੈਲੀ ਵਿਚ ਮਨੋਵਿਸ਼ਲੇਸ਼ਣੀ ਸੂਖਮਤਾ ਅਤੇ ਦਾਰਸ਼ਨਿਕ ਗਹਿਰਾਈ ਵੀ ਪ੍ਰਵੇਸ਼ ਕਰਦੀ ਗਈ ਹੈ। ਇਹ ਦੋਵੇਂ ਗੱਲਾਂ ਉਸਦੀ ਪਕੇਰੀ ਹੋ ਰਹੀ ਕਲਾਤਮਕ ਸੂਝ ਅਤੇ ਸੰਵੇਦਨਸ਼ੀਲ ਗਲਪ-ਚੇਤਨਾ ਦਾ ਪ੍ਰਮਾਣ ਮੰਨੀਆਂ ਜਾ ਸਕਦੀਆਂ ਹਨ। ਅਸਲ ਵਿਚ ਇਹ ਸੂਖਮਤਾ ਅਤੇ ਗਹਿਰਾਈ ਹੀ ਉਸਦੇ ਕਥਾ-ਜਗਤ ਨੂੰ ਹਕੀਕੀ ਗੌਰਵ ਪ੍ਰਦਾਨ ਕਰਦੀ ਹੈ।
Jarnail Singh da Kahani Sangrah Towers
ਗੁਰਦਿਆਲ ਸਿੰਘ ਦਾ ਨਾਵਲ ਆਹਣ
ਗੁਰਦਿਆਲ ਸਿੰਘ ਦਾ ਨਵਾਂ ਨਾਵਲ ‘ਆਹਣ’ ਉਸ ਦੇ ਹੁਣ ਤਕ ਦੇ ਅਖੀਰਲੇ ਨਾਵਲ ਪਰਸਾ
(1992) ਤੋਂ ਠੀਕ ਸਤਾਰਾਂ ਸਾਲਾਂ ਬਾਅਦ ਛਪਿਆ ਹੈ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਦੀ ਜ਼ਮੀਨੀ ਸਥਿਤੀ
ਵਿਚ ਵੱਡੇ ਪਰਿਵਰਤਨ ਵਾਪਰੇ ਹਨ। ਖ਼ੁਦਮੁਖ਼ਤਿਆਰ ਰਾਸ਼ਟਰੀ ਵਿਕਾਸ ਮਾਡਲ ਨੂੰ ਤਿਆਗ ਕੇ ਨਵਬਸਤੀਵਾਦੀ
ਵਿਸ਼ਵੀਕਰਨ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਉਪਰੰਤ ਭਾਰਤ ਅਤੇ ਪੰਜਾਬ ਦੀ ਰਾਜਨੀਤੀ,
ਸਮਾਜਕ ਸੰਰਚਨਾ, ਜੀਵਨ ਜਾਚ ਅਤੇ ਮੁੱਲ ਪ੍ਰਬੰਧ ਵਿਚ ਭਾਰੀ ਤਬਦੀਲੀ ਆਈ ਹੈ। ਇਸ ਸਭ ਦੇ ਸਿੱਟੇ ਵਜੋਂ
ਪੰਜਾਬੀ ਸੰਵੇਦਨਾ ਅਤੇ ਚਿੰਤਨ ਨਵੇਂ ਸਵਾਲਾਂ ਦੇ ਸਨਮੁਖ ਹੋਇਆ ਹੈ ਜਿਨ੍ਹਾਂ ਦਾ ਕੋਈ ਸਪਸ਼ਟ ਅਤੇ ਪ੍ਰਮਾਣਿਕ
ਉੱਤਰ ਹਾਲੇ ਪ੍ਰਾਪਤ ਨਹੀਂ ਹੋਇਆ। ਆਦਰਸ਼ਹੀਣਤਾ ਅਤੇ ਸੁਪਨਹੀਣਤਾ ਦੀ ਮਨੋਸਥਿਤੀ ਨੂੰ ਭੋਗਦੇ ਪੰਜਾਬੀ
ਲਿਸ਼ਕਦੀਆਂ ਵਸਤਾਂ, ਲੁਭਾਉਣੇ ਬਿੰਬਾਂ, ਸੰਚਾਰ-ਕ੍ਰਾਂਤੀ ਦੁਆਰਾ ਉਪਲਭਦ ਅਮੁੱਕ ਸੂਚਨਾਵਾਂ, ਸਭ ਤੋਂ ਤੇਜ਼
ਖ਼ਬਰਾਂ ਅਤੇ ਮਨੋਰੰਜਨੀ ਦ੍ਰਿਸ਼ਾਂ ਦੀ ਤੀਬਰ ਗਤੀ ਦੇ ਰੌਲੇ ਗੌਲੇ ਵਿਚ ਮਨੋਰੰਜਨ ਵਸਤਾਂ ਦੇ ਉਪਭੋਗਤਾ ਵੀ ਬਣ
ਗਏ ਪ੍ਰਤੀਤ ਹੁੰਦੇ ਹਨ ਅਤੇ ਮਨੋਰੰਜਨੀ ਵਸਤੂ ਵੀ। ਇਸ ਸਥਿਤੀ ਵਿਚ ਪੰਜਾਬੀਆਂ ਦੀ ਜਾਣੀ ਪਛਾਣੀ
ਪ੍ਰਤਿਰੋਧੀ ਸ਼ਖ਼ਸੀਅਤ ਬਾਰੇ ਕਿੰਨੇ ਹੀ ਸਵਾਲ ਅਤੇ ਖ਼ਦਸ਼ੇ ਮੌਜੂਦ ਹਨ। ਖ਼ੁਦਕਸ਼ੀ, ਭਰੂਣ ਹੱਤਿਆ,
ਸੰਵੇਦਨਹੀਣਤਾ, ਚਿੰਤਨਹੀਣਤਾ, ਪਰਵਾਸ, ਨਸ਼ਾ, ਗੀਤ-ਸੰਗੀਤ, ਨ੍ਰਿਤ, ਜਿਸਮ, ਕਾਮ, ਖਾਣ-ਪੀਣ, ਮੌਜ
ਮਨਾਉਣ ਆਦਿ ਕਿੰਨੇ ਹੀ ਮੋਟਿਫ਼ ਆਪਣੇ ਵਿਰੋਧਾਭਾਸਾਂ ਅਤੇ ਅੰਤਰ-ਵਿਰੋਧਤਾਵਾਂ ਸਮੇਤ ਪੰਜਾਬ ਦੇ
ਵਰਤਮਾਨ ਜੀਵਨ ਦੀਆਂ ਪਰਿਭਾਸ਼ਾਵਾਂ ਵਿਚ ਭਟਕਦੇ ਫਿਰਦੇ ਹਨ। ਇਹ ਸਭ ਵਰਤਾਰੇ ਪੰਜਾਬ ਦੀ ਫ਼ਿਜ਼ਾ ਦਾ
ਅਜਿਹਾ ਹਿੱਸਾ ਹਨ ਜਿਨ੍ਹਾਂ ਨਾਲ ਪੰਜਾਬ ਦੇ ਵਰਤਮਾਨ ਦਾ ਕੋਈ ਦ੍ਰਿਸ਼ ਉਸਾਰਿਆ ਜਾ ਸਕਦਾ ਹੈ। ਅਜਿਹੇ
ਸਮਿਆਂ ਵਿਚ ਗੁਰਦਿਆਲ ਸਿੰਘ ਵਰਗੇ ਪ੍ਰੌੜ੍ਹ ਨਾਵਲਕਾਰ ਤੋਂ ਤਵੱਕੋ ਕੀਤੀ ਜਾ ਸਕਦੀ ਹੈ ਕਿ ਉਹ ਆਪਣੀ
ਨਾਵਲਕਾਰੀ ਰਾਹੀਂ ਨਵੀਆਂ ਸਥਿਤੀਆਂ ਨਾਲ ਸੰਵਾਦ ਰਚਾਉਂਦਾ ਕਿਸੇ ਅਜਿਹੇ ਸੂਝ ਮਾਡਲ ਦੇ ਨਕਸ਼
ਉਲੀਕੇਗਾ ਜਿਸ ਦੇ ਪਰਿਭਾਸ਼ਕ ਚੌਖਟੇ ਵਿਚ ਅਸੀਂ ਪੰਜਾਬ ਦੇ ਵਰਤਮਾਨ ਨੂੰ ਸਮਝਣ ਦੇ ਸਮਰੱਥ ਹੋ ਸਕਾਂਗੇ
ਅਤੇ ਭਵਿੱਖ ਦੇ ਫ਼ਿਕਰਾਂ ਦੀ ਨਿਸ਼ਾਨਦੇਹੀ ਕਰ ਸਕਾਂਗੇ। ਗੁਰਦਿਆਲ ਸਿੰਘ ਨੇ ਇਨ੍ਹਾਂ ਵਰ੍ਹਿਆਂ ਵਿਚ ਆਪਣੇ
ਅਖ਼ਬਾਰੀ ਲੇਖਾਂ ਅਤੇ ਤਕਰੀਰਾਂ ਰਾਹੀਂ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਬਾਰੇ ਕਿੰਨੇ ਹੀ ਤੌਖਲਿਆਂ ਦਾ
ਇਜ਼ਹਾਰ ਕੀਤਾ ਹੈ ਇਸ ਲਈ ਉਸ ਦੇ ਨਵੇਂ ਨਾਵਲ ਦੇ ਵਿਸ਼ਲੇਸ਼ਣ ਸਮੇਂ ਪੰਜਾਬ ਅਤੇ ਭਾਰਤ ਦੇ ਵਰਤਮਾਨ ਦੇ
ਮਸਲ਼ਿਆਂ, ਸਵਾਲਾਂ ਅਤੇ ਸਮੱਸਿਆਵਾਂ ਨੂੰ ਇਕ ਪਰਿਪੇਖ (ਪੲਰਸਪੲਚਟਵਿੲ) ਵਜੋਂ ਰੱਖਣਾ ਗ਼ੈਰਵਾਜਿਬ ਨਹੀਂ
ਹੋਵੇਗਾ।
Gurdial Singh da Novel Aahan - Dr. Surjit
Panjabi Alochana ਪੰਜਾਬੀ ਆਲੋਚਨਾ
New Delhi
India