Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਪੰਜਾਬੀ ਕਿੱਸਾ ਕਾਵਿ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਕਾਵਿਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਗਿਆ ਹੈ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
ਸ਼ਾਮਿਲ ਲੇਖਾਂ ਵਿੱਚੋਂ ਕੁਝ ਅੰਸ਼
ਕਿੱਸਾ ਹੀਰ ਵਾਰਿਸ
ਵਾਰਿਸ ਸ਼ਾਹ ਰਚਿਤ ਕਿੱਸਾ ‘ਹੀਰ’ ਮੱਧਕਾਲ ਦੇ ਪੰਜਾਬੀ ਸਾਹਿਤ ਸਭਿਆਚਾਰ ਦੀ ਇਕ ਅਹਿਮ ਬਿਰਤਾਂਤਕ ਰਚਨਾ ਹੈ। ਇਹ ਇਕ ਅਜਿਹੀ ਟੈਕਸਟ ਹੈ ਜਿਸਨੂੰ ਅਨੇਕਾਂ ਦ੍ਰਿਸ਼ਟੀਕੋਣਾਂ ਰਾਹੀਂ ਪੜ੍ਹਿਆ ਅਤੇ ਵਿਚਾਰਿਆ ਜਾ ਸਕਦਾ ਹੈ। ਇਸ ਵਿਚ ਪਏ ਅਰਥਾਂ ਦੀਆਂ ਅਸੀਮਤ ਸੰਭਾਵਨਾਵਾਂ ਕਾਰਣ ਅੱਜ ਵੀ ਇਸਦੀ ਸਾਰਥਕਤਾ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਵਾਰਿਸ ਸ਼ਾਹ ਦੀ ਇਹ ਰਚਨਾ ਇਤਿਹਾਸ ਦੇ ਇਕ ਅਜਿਹੇ ਦੌਰ ਵਿਚ ਸਾਹਮਣੇ ਆਉਂਦੀ ਹੈ ਜਦੋਂ ਵੇਲੇ ਦੀ ਸਥਾਪਿਤ ਹਕੂਮਤ ਦਾ ਰੁਖ਼ ਆਪਣੇ ਉਤਾਰ ਵੱਲ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬੀ ਸਮਾਜ-ਸਭਿਆਚਾਰ ਅਤੇ ਧਰਮ ਦੀਆਂ ਰਵਾਇਤੀ ਕਦਰਾਂ ਕੀਮਤਾਂ ਵਿਚ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਸਨ। ਭਾਰਤ ਵਿੱਚ ਇਸਲਾਮੀ ਹਕੂਮਤ ਦੇ ਕਈ ਸੌ ਸਾਲਾਂ ਦੇ ਪ੍ਰਭਾਵ ਨੇ ਪੰਜਾਬ ਦੇ ਖਿੱਤੇ ਉੱਪਰ ਵੀ ਆਪਣੀ ਡੂੰਘੀ ਮੁਹਰ-ਛਾਪ ਲਾ ਦਿੱਤੀ ਸੀ। ਇਸੇ ਹੀ ਦੌਰ ਵਿੱਚ ਸਿੱਖ ਲਹਿਰ ਦਾ ਉਭਾਰ ਸਾਮ੍ਹਣੇ ਆਇਆ ਜੋ ਲੰਮੇ ਸੰਘਰਸ਼ ਤੋਂ ਬਾਦ ਹੁਣ ਰਾਜ-ਸੱਤਾ ਦੀ ਪ੍ਰਾਪਤੀ ਵੱਲ ਵੱਧ ਰਹੀ ਸੀ। ਇਸਦੇ ਨਾਲ ਹੀ ਹੁਣ ਪੱਛਮ ਤੋਂ ਆਉਣ ਵਾਲੀਆਂ ਨਵੀਆਂ ਸਾਮਰਾਜਵਾਦੀ ਤਾਕਤਾਂ ਦੀ ਦਸਤਕ ਵੀ ਸੁਣਾਈ ਦੇਣ ਲੱਗ ਪਈ ਸੀ। ਇਸ ਤਰ੍ਹਾਂ ਇਸ ਧਰਤੀ ਉੱਪਰ ਇਕ ਵਾਰ ਫਿਰ ਤੋਂ ਵੱਡੇ ਫੇਰ ਬਦਲ ਦਾ ਸਮਾਂ ਆਉਣ ਵਾਲਾ ਸੀ। ਕਿਸੇ ਵੀ ਸਮਾਜ ਅਤੇ ਸਭਿਆਚਾਰ ਲਈ ਇਹ ਇਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਉਹ ਆਪਣੇ ਵਿਰਸੇ ਦੀ ਸਲਾਮਤੀ ਲਈ ਜਤਨਸ਼ੀਲ ਹੁੰਦਾ ਹੈ। ਉਹ ਆਪਣੀ ਸਮਾਜਿਕ ਪਛਾਣ ਦੇ ਨਿਵੇਕਲੇ ਚਿੰਨ੍ਹਾਂ ਨੂੰ ਇਕੱਤਰ ਕਰਕੇ ਸਾਂਭਣਾ ਚਾਹੁੰਦਾ ਹੈ। ਇਸ ਕਾਰਜ ਨੂੰ ਨਿਭਾਉਣ ਵਾਲੇ ਅਕਸਰ ਆਪਣੇ ਵਿਰਸੇ ਬਾਰੇ ਉਲਾਰ ਵੀ ਹੋ ਜਾਂਦੇ ਹਨ ਪਰ ਕੁਝ ਲੇਖਕ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਲਿਖਤਾਂ ਵਿੱਚ ਵੇਲੇ ਦੇ ਹਰ ਚੰਗੇ-ਮਾੜੇ ਵੇਰਵੇ ਨੂੰ ਪੂਰੀ ਇਮਾਨਦਾਰੀ ਨਾਲ ਦਰਜ ਕਰਨ ਦਾ ਉਪਰਾਲਾ ਕਰਦੇ ਹਨ। ਕਿੱਸਾ ਹੀਰ-ਵਾਰਿਸ ਅਜਿਹੀ ਹੀ ਇਕ ਮੁੱਲਵਾਨ ਟੈਕਸਟ ਹੈ।
ਭਾਵੇਂ ਕਿੱਸਾ ਹੀਰ-ਵਾਰਿਸ ਦੀ ਕਥਾ-ਵਸਤੂ ਰੋਮਾਨੀ ਪਿਆਰ ਜਾਂ ਇਸ਼ਕ ਦੇ ਆਲੇ ਦੁਆਲੇ ਘੁੰਮਦੀ ਹੈ ਪਰ ਇਹ ਨਿਰੋਲ ਇਸ਼ਕ ਦਾ ਕਿੱਸਾ ਨਹੀਂ ਹੈ। ਇਸ ਵਿੱਚ ਆਸ਼ਕੀ ਦੇ ਬਿਰਤਾਂਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਜੋ ਇਸਨੂੰ ਸਮਾਜ ਅਤੇ ਸਭਿਆਚਾਰ ਦੀ ਟੈਕਸਟ ਵਜੋਂ ਸਥਾਪਿਤ ਕਰਦਾ ਹੈ ਤੇ ਇਹ ਤੱਥ ਮੁਕੰਮਲ ਤੌਰ ‘ਤੇ ਪ੍ਰਵਾਨਯੋਗ ਹੈ। ਇਸ ਵਿਚ ਪ੍ਰਸਤੁਤ ਹੋਏ ਸਮਾਜ ਅਤੇ ਸਭਿਆਚਾਰ ਦੇ ਚਿੱਤਰਣ ਨੇ ਆਪਣੇ ਸਮੇਂ ਦੇ ਇਤਿਹਾਸ ਨੂੰ ਆਪਣੇ ਆਪ ਵਿਚ ਸੰਜੋਕੇ ਰੱਖਿਆ ਹੋਇਆ ਹੈ। ਇਸ ਇਤਿਹਾਸ ਦੀਆਂ ਵੱਖ-ਵੱਖ ਪਰਤਾਂ ਹਨ ਜਿਨ੍ਹਾਂ ਦਾ ਅਨੇਕਾਂ ਢੰਗ-ਤਰੀਕਿਆਂ ਨਾਲ ਅਧਿਐਨ ਹੋ ਸਕਦਾ ਹੈ। ਅਸੀਂ ਇਸ ਟੈਕਸਟ ਨੂੰ ਇਕ ਸਮਾਜਿਕ ਦਸਤਾਵੇਜ਼ ਵਜੋਂ ਵਾਚਣ ਦਾ ਉਪਰਾਲਾ ਕੀਤਾ ਹੈ ਕਿਉਂਜੋ ਇਹ ਸਾਹਿਤਕ ਕਿਰਤ ਆਪਣੇ ਵੇਲੇ ਦੇ ਸਮਾਜ ਨੂੰ ਬਹੁਤ ਬਾਰੀਕੀ ਨਾਲ ਬਿਆਨ ਕਰਦੀ ਹੈ। ਇਸ ਵਿੱਚ ਲੇਖਕ ਨੇ ਅਚੇਤ ਜਾਂ ਸੁਚੇਤ ਤੋਰ ਤੇ ਕਥਾ-ਵਸਤੂ ਦੇ ਨਾਲ ਨਾਲ ਤੱਤਕਾਲੀ ਸਮਾਜ ਦੇ ਪੂਰੇ ਪ੍ਰਬੰਧ ਨੂੰ ਟੈਕਸਟ ਵਿਚ ਸ਼ਾਮਲ ਕਰ ਲਿਆ ਹੈ। ਇਸ ਰਾਹੀਂ ਉਸ ਵੇਲੇ ਦੇ ਅਣ-ਲਿਖੇ ਇਤਿਹਾਸ ਨੂੰ ਸਮਝਿਆ ਜਾ ਸਕਦਾ ਹੈ।
Waris Shah Di Heer Ravinder Singh
ਕਿੱਸਾ ਗੋਪੀ ਚੰਦ
ਅੰਗ੍ਰੇਜ਼ੀ ਵਿਦਵਾਨਾਂ ਵਿਚੋਂ ਆਰ.ਸੀ.ਟੈਂਪਲ ਦਾ ਨਾਂ ਪੰਜਾਬੀ ਲੋਕਯਾਨ ਦੇ ਇੱਕਤਰੀਕਰਣ ਵਿਚ ਸਭ ਤੋਂ ਉਪਰ
ਹੈ। ਉਸ ਨੇ ਸੌ ਤੋਂ ਵੱਧ ਦੰਤ ਕਥਾਵਾਂ ਦਾ ਸੰਗ੍ਰਹਿ ਕੀਤਾ ਪਰ ਸਾਡੇ ਤਕ ਸਤਵੰਜਾ ਦੰਤ ਕਥਾਵਾਂ ਹੀ ਪਹੁੰਚੀਆਂ ਹਨ।
ਇਨ੍ਹਾਂ ਦੰਤ ਕਥਾਵਾਂ ਦਾ ਘੇਰਾ ਇਨਾ ਵਿਸ਼ਾਲ ਹੈ ਕਿ ਅਸੀਂ ਅਜੇ ਤੱਕ ਰਾਜਾ ਰਸਾਲੂ ਅਤੇ ਮਿਰਜ਼ਾ ਸਾਹਿਬਾਂ ਨੂੰ ਛੱਡ ਕੇ
ਕਿਸੇ ਹੋਰ ਦੰਤ ਕਥਾ ਉਪਰ ਗੰਭੀਰ ਚਰਚਾ ਨਹੀਂ ਕੀਤੀ। ਇਹ ਠਕਿ ਹੈ ਕਿ ਆਰ. ਸੀ. ਟੈਂਪਲ ਦਾ ਸਾਰਾ ਖੋਜ ਕਾਰਜ
ਅੰਗ੍ਰੇਜ਼ੀ ਸਾਮਰਾਜ ਦੀ ਸਥਾਪਤੀ ਲਈ ਸਮਰਪਿਤ ਸੀ ਪਰ ਇਸਦਾ ਇਹ ਅਰਥ ਵੀ ਨਹੀਂ ਕਿ ਅਸੀਂ ਇਨ੍ਹਾਂ ਦੰਤ
ਕਥਾਵਾਂ ਉਪਰ ਅਪਣੇ ਦ੍ਰਿਸ਼ਟੀ ਕੋਣ ਤੋਂ ਚਰਚਾ ਨਹੀਂ ਕਰ ਸਕਦੇ। “ਦਾ ਲੀਜੈਂਡਜ਼ ਆਫ ਪੰਜਾਬ” ਵਿਚ ਰਾਜਾ ਰਸਾਲੂ,
ਮਿਰਜ਼ਾ ਸਾਹਿਬਾਂ, ਰਾਜਾ ਨਲ, ਰਾਜਾ ਢੋਲ, ਪੂਰਨ ਭਗਤ, ਸੱਸੀ ਪੁਨੂੰ, ਰਾਜਾ ਧ੍ਰੂ, ਰਾਣੀ ਕੋਕਲਾਂ, ਗੁੱਗਾ ਆਦਿ ਅਜਿਹੀਆਂ
ਦੰਤ ਕਥਾਵਾਂ ਹਨ ਜਿਨ੍ਹਾਂ ਵਲ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ, ਜੋ ਅਜੇ ਤੱਕ ਅਸੀਂ ਨਹੀਂ ਦਿੱਤਾ। ਇੱਥੇ ਅਸੀਂ
ਗੋਪੀ ਚੰਦ ਦੇ ‘ਸਾਂਗ’ ਉਪਰ ਧਿਆਨ ਕੇਂਦ੍ਰਿਤ ਕਰ ਰਹੇ ਹਾਂ।
ਹਰਿਆਣੇ ਵਿਚ ਸਾਂਗ ਨੂੰ ਸਾਂਗੀਤ ਕਿਹਾ ਗਿਆ ਹੈ ਜੋ ਇਸ ਦੇ ਸੰਗੀਤ ਨਾਟਕ ਹੋਣ ਕਰਕੇ ਬੜਾ ਢੁਕਵਾਂ ਨਾਂ
ਹੈ। ਇਸੇ ਅਨੁਸਾਰ ਇਸ ਦੀ ਪਰਿਭਾਸ਼ਾ ਕੀਤੀ ਗਈ ਹੈ। “ਸਾਂਗੀਤ, ਸਾਂਗ ਜਾਂ ਸਵਾਂਗ ਹਰਿਆਣੇ ਦਾ ਕੌਮੀ ਨਾਟ ਕਿਹਾ
ਜਾ ਸਕਦਾ ਹੈ। ਇਹ ਮਨੋਰੰਜਨਕਾਰੀ ਵਿਧਾ ਹਆਿਣਾ ਦੇ ਲੋਕ ਮਾਨਸ ਉਪਰ ਜਾਦੂ ਦਾ ਪ੍ਰਭਾਵ ਪਾਉਂਦੀ ਹੈ। ਇਸਦੇ ਮੰਚ
ਦੇ ਚਾਰੇ ਪਾਸੇ ਬੈਠੇ ਦਰਸ਼ਕ ਰਾਗਣੀ ਦੀਆਂ ਸਵਰ-ਲਹਿਰੀਆਂ ਵਿਚ ਮੁਗਧ ਅਤੇ ਸਾਜ਼ਾਂ ਨਾਲ ਗਾਈ ਜਾਂਦੀ ਕਥਾ ਨੂੰ
ਦੇਖ-ਸੁਣ ਕੇ ਮੰਤਰ ਮੁਗਧ ਹੋ ਜਾਂਦੇ ਹਨ। ਤਖਤ-ਤੋੜ ਨਾਚ, ਗਲਵਕੜੀਆਂ ਅਤੇ ਘੁੰਡ ਦੇ ਫਟਕਾਰੇ ਜਨਤਾ ਦੀ ਬੇਹੱਦ
ਵਾਹ ਵਾਹੀ ਲੁੱਟਦੇ ਹਨ। ਪੰਜ ਛੇ ਘੰਟੇ ਤੱਕ ਲਗਾਤਾਰ ਮੰਚਿਤ ਹੋਣ ਵਾਲ਼ੇ ਇਸ ਪ੍ਰਦਰਸ਼ਨ ਵਿਚ ਮਰਦ ਹੀ ਨਾਇਕ ਤੇ
ਨਾਇਕਾ ਦੀ ਲਿੰਗ ਅਨੁਸਾਰ ਪਰਿਰਾਵੇ ਵਿਚ ਭੁਮਿਕਾ ਨਿਭਾਉਂਦੇ ਹਨ”
Kissa Gopi Chand - Karamjit Singh
ਜੰਗਨਾਮਾ ਸ਼ਾਹ ਮੁਹੰਮਦ
ਸ਼ਾਹ ਮੁਹੰਮਦ ਰਚਿਤ ਜੰਗ ਹਿੰਦ ਪੰਜਾਬ ਪੰਜਾਬ ਦੇ ਪੁਰਾਤਨ ਗੌਰਵ ਦਾ ਹਿੱਸਾ ਹੈ। ਪੰਜਾਬ ਦੇ ਧਰਮ ਨਿਰਪੇਖ ਰਾਜ ਦੇ ਖੁੱਸਣ, ਪੰਜਾਬੀ ਸੂਰਬੀਰਤਾ ਨੂੰ ਚਿਤਰਣ ਅਤੇ ਦੇਸ਼ ਪਿਆਰ ਨੂੰ ਆਪਣੀ ਰਚਨਾ ਦੇ ਕੇਂਦਰ ਵਿਚ ਟਿਕਾਉਣ ਸਦਕਾ ਸ਼ਾਹ ਮੁਹੰਮਦ “ਕੌਮੀ
ਸ਼ਾਇਰ” ਅਖਵਾਇਆ। ਮੱਧਕਾਲੀਨ ਪੰਜਾਬੀ ਸਾਹਿਤ ਸੰਬੰਧੀ ਬੁਨਿਆਦੀ ਖੋਜ ਜਾਂ ਉਸ ਦੀ ਵਿਆਖਿਆ ਕਰਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਚਿੰਤਕ ਹੋਵੇ ਜਿਸ ਨੇ ਇਸ ਰਚਨਾ ਦੇ ਮਹੱਤਵ ਦੇ ਕਿਸੇ ਨਾ ਕਿਸੇ ਪੱਖ ਨੂੰ ਨਾ ਗੌਲਿਆ ਹੋਵੇ ਜਾਂ ਇਸ ਦੀ ਭਰਵੀਂ ਤੇ ਭਰਪੂਰ
ਸਰਾਹਨਾ ਨਾ ਕੀਤੀ ਹੋਵੇ। ਪੰਜਾਬੀ ਸਾਹਿਤ ਦੇ ਪ੍ਰਸਿੱਧ ਰੂਸੀ ਵਿਦਵਾਨ ਆਈ. ਸੇਰੇਬਰੀਆਕੋਵ ਨੇ ਇਸ ਰਚਨਾ ਨੂੰ ਰਾਸ਼ਟਰੀ ਦੁਖਾਂਤ ਨੂੰ ਪੂਰੀ ਗਹਿਰਾਈ ਨਾਲ ਸਮਝਣਮਹਿਸੂਸਣ, ਉਸਦੇ ਕਾਰਣਾਂ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਨ ਅਤੇ ਰਾਸ਼ਟਰੀ ਭਾਵਨਾ
ਨੂੰ ਥੀਮ ਵਜੋਂ ਗ੍ਰਹਿਣ ਕਰਨ ਵਾਲੀ ਗੌਰਵਸ਼ਾਲੀ ਰਚਨਾ ਆਖਿਆ। ਉਸਨੂੰ ਤਾਂ ਨਵੇਂ ਜ਼ਮਾਨੇ ਵਿਚ ਪੈਦਾ ਹੋਣ ਵਾਲੇ ਨਵੇਂ ਸਾਹਿਤ ਦੇ ਬੀਜ ਵੀ ਇਸੇ ਰਚਨਾ ਵਿਚੋਂ ਦਿਖਾਈ ਦਿੱਤੇ। ਸ਼ਾਇਦ ਇਸੇ ਲਈ ਢੇਰ ਚਿਰ ਮਗਰੋਂ ਇਸ ਰਚਨਾ ਦੇ ਗੌਰਵ ਨੂੰ ਪਛਾਣਦੇ ਹੋਏ ਡਾ. ਸੁਤਿੰਦਰ ਸਿੰਘ ਨੂਰ ਨੇ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਸ਼ਾਹ ਮੁਹੰਮਦ ਦੀ ਇਸ ਰਚਨਾ ਤੋਂ ਆਰੰਭ ਕਰਨ ਦਾ ਮਸ਼ਵਰਾ ਦਿੱਤਾ। ਬੇਸ਼ੱਕ ਲਗਭਗ ਪੂਰੀ ਸਦੀ ਪੰਜਾਬੀ ਵਿਦਵਾਨ ਇਸ ਰਚਨਾ ਨੂੰ ਕਦੀ ਬੈਂਤ, ਕਦੀ ਕਿੱਸਾ, ਕਦੀ ਵਾਰ ਅਤੇ ਕਦੀ ਜੰਗਨਾਮਾ ਜਾਂ ਜੰਗ ਆਖ ਬਣੇ-ਬਣਾਏ ਖਾਨਿਆਂ
ਅੰਦਰ ਬੰਦ ਕਰਨ ਦੀ ਵਾਹ ਲਾਉਂਦੇ ਰਹੇ ਪਰੰਤੂ ਪ੍ਰਤਿਮਾਨ-ਭੰਜਕ ਇਹ ਰਚਨਾ ਆਪਣੇ ਨਵੇਕਲੇ ਅੰਦਾਜ਼ ਅਤੇ ਸਾਫ਼-ਸਫ਼ਾਫ਼ ਨਜ਼ਰੀਏ ਕਰਕੇ ਕਿਸੇ ਵੀ ਚੌਖਟੇ ਵਿਚ ਬੰਦ ਨਾ ਹੋ ਸਕੀ। ਸ਼ਾਹ ਮੁਹੰਮਦ ਅਸਲ ਵਿਚ ਨਵੇਕਲੀ ਨਜ਼ਰ ਵਾਲਾ ਨਾਬਰ ਸ਼ਾਇਰ ਸੀ ਜਿਸ ਰੀਤ ਵਿਚੋਂ ਜੇਕਰ
ਕੁਝ ਲਿਆ ਵੀ ਤਾਂ ਉਸਨੂੰ ਜਮ੍ਹਾਂ-ਕਟੌਤੀ ਵਿਚੋਂ ਲੰਘਾ ਕੇ। ਰਵਾਇਤ ਵਿਚਲਾ ਬਹੁਤ ਕੁਝ ਉਸ ਨੂੰ ਨਾਪਾਸੰਦ ਸੀ ਇਸੇ ਲਈ ਉਸ ਨਾ ਰਵਾਇਤ ਵਿਚਲੀਆਂ ਦੰਤ ਕਥਾਵਾਂ ਨੂੰ ਦੁਹਰਾਇਆ ਅਤੇ ਨਾ ਵੱਥ ਨੂੰ ਬਣੇ-ਬਣਾਏ ਸਾਂਚੇ ਅੰਦਰ ਕੈਦ ਕੀਤਾ। ਚਗਲੇ ਸਵਾਦਾਂ ਨੂੰ ਰੱਦ ਕਰਦਿਆਂ
ਉਸ ਬਿਰਤਾਂਤ ਦਾ ਮੂੰਹ ਰਾਸ਼ਟਰੀ ਦੁਖਾਂਤ ਤੇ ਲੋਕ ਪੀੜਾ ਵੱਲ ਕਰ ਦਿੱਤਾ। ਪੰਜਾਬੀ ਸ਼ਾਇਰੀ ਦੀ ਅਸਲ ਰੀਤ ਨਾਲ ਸੱਚੇ ਅਰਥਾਂ ਵਿਚ ਜੁੜਿਆ ਹੋਇਆ ਸਚਮੁੱਚ ਨਾਬਰ ਸ਼ਾਇਰ ਸੀ ਸ਼ਾਹ ਮੁਹੰਮਦ।
Panjabi Alochana ਪੰਜਾਬੀ ਆਲੋਚਨਾ
New Delhi
India